موت دا پھیرا ۔۔۔ مقصود ثاقب

موت دا پھیرا

مقصود ثاقب

“معذرت کرنی سی ۔۔۔ تاں آئی آں ۔۔۔۔آپریشن مگروں آئی سی یو وچ رکھنا تاں ہندا اے ، پر انج نہیں۔ میں وی تہانوں پچھان نہ سکی۔ تہاڈی کسے گل نہ سنی۔ تکلیف ہوئی تہانوں واش روم لئی۔ کپڑے بدلاون لئی وی۔ تہاڈے نال اوہناں نوں انج نہیں سی بولنا چاہیدا۔ افسوس اے مینوں۔ ہاں جی میں تہاڈے بیڈ دے نیڑے ای کھلوتی رہی۔ اپنی کچہری لا کے۔ ہسپتال دے سارے انتظامی معاملے اصل وچ میرے ای ہتھ نیں۔ بڑی وڈی ذمہ داری اے۔ میں جان چھڈانی ہاں بتھیری۔ شیخ صاحب نہیں مندے۔ اکھے جیویں تسیں سنبھالدے اور ہور کون سنبھال سکدا اے۔ پرانے فیملی ٹرمز نیں۔ “

میں بڑے گوہ نال اوہنوں ویکھدا تے اوہدیاں گلاں سندا پیا ساں۔ وڈا عملہ فیلہ وی سی اوہدے پچھے تے سجے کھبے۔

” اوہ تے نرس نے میرا دھیان دوایا حالاں ایہناں وچاریاں تے ہور تھلوے ملازماں کیہ دھیان دوانا ہوندا اے ساڈا، کسے معاملے ولے۔ بس میں آپ ہی اوہنوں بولن دتا۔ واج تے اوہدی نکلدی ای نہیں سی پئی۔ میں آپ ای اوہنوں آکھیا، ڈرن دی کوئی گل نہیں، جو دسنا چاہنی ایں ۔۔۔۔ دس مینوں ۔۔۔۔ فیر وی نہیں دسن ہویا اوہدے توں۔ میں سمجھ گئی اوہ میرا دھیان تہاڈی پوزیشن ول کران دی کوشش پئی کردی سی۔ ایہو آکھ سکی ، مئیم ایہناں دا کمرہ اے جی ایتھے گراونڈ فلور تے ای اج کنے دن ہو گئے نیں ایہناں نوں کمرہ لیاں۔ تہانوں پینکریا ٹایئس سی نا ۔۔۔ این پی ٹی ہوندی رہی تہاڈی کنے دن۔ ۔۔۔ ڈاکٹر آصف معراج دا ٹریٹ منٹ سی۔ “

مینوں لگا ایس مہنگے ہسپتال دے انتظامی معاملیاں نوں چلان والی گورے نچھوہ رنگ دی گُبلی گُبلی ایہہ بی بی جیہدے ہسپتا دے مالک نال فیملی ٹرمز سن، مینوں میرا کوئی وڈی حیثیت والا بندہ ہونا چیتے کروا رہی سی۔ اوہدے نال جتنے وی چھوٹے وڈے ملازم کھلوتے سن آپنی آپنی تھاں بنا ہلے جُلے ہتھ بنھی۔ ۔۔۔۔  سبھ نوں سی بئی اوہ نہ ہووے جو انتظامیہ ہوریں کسے ویلے کوئی حکم جاری کردین۔ اوہناں توں سنن وچ اگا پچھا ہویا تے اوہ بنا آئیوں نہ مارے جان کتے۔

ہسپتال شہر دے مہنگے ہسپتالاں وچوں ای سی۔ ایتھے تاں ڈاکٹر نرے صلاح مشورے دی ای ڈھیر پیسے لے لیندے سن۔ علاج کرانا تے اگلی گل سی۔ مہنگے مہنگے ٹیسٹ، کیہ الٹرا ساونڈ کیہ سیٹی سکیننگ تے ایم آر آئی۔ پھیر ایسیاں دوایئاں جیہڑیاں عام تاں کیہ خاص دکاناں توں وی لبھنیاں اوکھیاں ہو جاندیاں سن۔ ایس ہسپتال وچ پرایئوٹ کمرہ لے کے علاج کروان لئی داخل ہونا کوئی ہاری ساری دے وس دا تے کم ای نہیں سی۔

مینوں ہن وی چیتے اوندا اے۔ موت آئی سی تے اک ہتھ نال میری اک ٹنگ پھڑ کے دھرہندی ہوئی ٹر پئی سی۔ میرے مونہوں واج وی نہیں سی نکلدی پئی۔ میں بس اوہنوں اپنیاں ٹَڈیاں اکھاں نال ویکھدا پیا ساں۔ میرے آنے پتھر پئے ہوندے سن۔ اک چک ابھرنا چاہندی سی میرے دُھر اندروں ، کتوں پر اوہ اوتھے دی اوتھے ای کِھنگرا گئی سی۔

سومی نے پتہ نہیں کیویں ویکھ لیا سی۔ ساوی تے اوہدے بلونگڑیاں نوں اوہناں دی روٹی پاندیاں۔ کجھ بچے بڑے دھکے خور سن۔ اپنا حصہ چھڈ کے دوجے دا کھان لگ پیندے سن۔ ایس کر کے اوہناں دے کول رہنا پیندا سی۔ اوہنوں واپس اوہدے بھانڈےتے لیان لئی تاں جو دوجا ارام نال اپنی روٹی چِھک سکے۔

سرجن نے ویکھدیاں سار آکھ دتا ایہناں دے اندر زہر پھیلدا پیا اے۔ پینکریا ٹایئٹس ہے ایہناں نوں۔ پہلاں سانہوں اوہدی روک کرنی پوے گی۔ ایمرجنسی وچ داخل کرادیو ایہناں نوں فیر پرایئویٹ کمرہ لے لیا جے۔ اپنی نگرانی وچ رکھ کے ای اسیں ایہناں دا علاج کر سکاں گے۔ گال بلیڈر دیاں پتھریاں پھیر ویکھاں گے کیہ کرنا اے۔

سومی نے مینوں داخل کرا دتا۔ انجکشن تے دوائیاں شروع ہو گیئاں۔ این پی ٹی دتی جان لگ پئی۔ ہتھ اتے برنولا لا کے بوتلاں دتیاں گیئاں۔ سجیوں کھبیوں سومی دے سبھ بھین بھرا اکٹھے ہو گئے۔ ہزاراں روپیاں دیاں دواواں سن جیہڑیاں دن رات میرے لہو نوں کپڑ چھان کردیاں سن۔

کتھوں ہوندا پیا اے ایہ ؟ کیویں ایہدا بندو بست ہو سکیا یے۔ ؟ ایہہ کمرہ ایہہ علاج ۔۔۔ سومی تے اوہدے بھین بھرا ای جان دے نیں۔

میریاں اکھاں وچ پانی اچھل پیا پر میں انتظامیہ نوں ویکھن وچ ای اوہنوں ولا دتا۔

” پتہ لگا اے تسیں رائٹر او۔۔۔۔ تہاڈے والاں تے داڑھی توؐں میرا دل ایہو گواہی دیندا سی۔ تہانوں آئی سی یو وچوں روانہ کرن مگروں میری گل ہوئی سی ڈاکٹر فاروق ہوراں نال۔ اوہناں دسیا کہ تسیں کتاباں دے مصنف او۔ ایہہ تے ساڈے لئی عزت دی گل اے۔ تسیں ساڈے ہسپتال توں ٹریٹ منٹ لیندے پئے او۔ اخباراں وچ وی آیا تے ہونا اے تہاڈے بیمار ہون دا۔ کیئں گلدستے آئے ہونے نیں تہانوں حکومتی لوکاں ولوں۔ پریس وی آیا ہونا اے۔ “

میں دل ای دل وچ گُڑھکیا ایہناں درباری ٹشناں تے۔ ڈھڈ وچ پنج انچ لمے زخم اتے ہتھ رکھدیاں میں سرہانے تے سر پچھے کرنا چاہیا۔ اوہ فورا نس کے اگے آئی۔ اوہدے ہتھ لان توں پہلاں ای نرس اپڑ پئی۔ میریاں کچھاں وچ ہتھ دیندیاں اوہنے بڑے ڈھنگ نال میرا سر سرہانے اتے واہوا اتے کر دتا۔

” اک آخری گل کرنی اے تہاڈے نال۔ دسن دی مہربانی کریا جے۔ میں سنیا اے تہاڈے توں کسے گارڈ نے وی پیسے منگے نیں ؟ تساں کمرے وچ آن دے کجھ چر مگروں دسیا کسے نوں ۔ “

اوہدا گورا چٹا چیکنا مونہہ کھروا ہوندا جاندا سی۔ کٹے والاں تھلیوں اوہدی دھون دا ابھریا ہویا ماس کسے قاب وچ ڈھلیا مصالحے دا لگ رہیا سی جیویں بالاں دے وڈے وڈے گڈیاں گڈیاں دا ہوندا اے۔

” تسیں پلیز ناں دس دیو اوس گارڈ دا۔ جیہدا سانوں وی پتہ نہیں لگ سکیا۔ باقی سبھ تے سانوں آپ حساب دیندے نیں۔  ۔۔۔۔۔ سور سور۔ میری گل دا کوئی ہور مطلب نہ لیا جے۔۔۔آئی مِین ۔۔۔۔اسی سارے عملے دا دھیان رکھنے آن تا کہ پیشنٹس تے اوہناں دے وارثاں نال کیہ کیہ چل رہیا اے ایہناں دا۔ “

میتھوں بولیا نہیں سی جاندا پیا۔ بڑا زور لانا پے رہیا سی مینوں اینی گل دسن تے ، ” ایتھے کیہڑا اے جیہڑا نہیں لیندا۔ ہر نکے نکے کم لئی ہتھ اڈے ہوندے نیں سبھ دے۔ “

” اوہ ٹھیک اے تہاڈا کہنا۔ بڑا کھچی دا اے سارے سٹاف نوں۔ پر تہانوں پتہ ای اے۔ چھوٹے لوک نیں۔ نہیں بدل سکدے۔ اپنی اصلیت نہ وکھان تاں ایہناں کوئی کیویں آکھے۔ سخےی وی کر ویکھی اے کئیں کئیں وار ۔۔۔ خیر تسیں اوس گارڈ دا ناں دسو جینہے ایتھے اندر آکے تہانوں پیسیاں لئی کہیا سی۔ اوہدی تے چھٹی کرا دینی اے میں۔ تہاڈے ناں لینیاں سار۔ ویکھو جی۔ باہر گیٹ تے سیکورٹی کردے دا کیہ کم اے اندر آ کے مریضاں نوں مدد کرن دا آکھے۔ ہن ویکھو جی تسیں رائٹر لوک او۔ تہاڈے کول آونے وی تاں راٹر ای ہوئے۔

” ویکھو جی تساں ماڑا جیہا وی بیماری پچھن آئے اپنے کسے یار سجن نوں گارڈ دا پیسے منگنا دس دتا تاں اوہناں سانوں کتھوں بخشنا اے۔ اوہنا تے ہسپتال ای دھما دینا سارا “

” منگتا ہسپتال ” ۔۔۔ انتظامیہ دے نال کھلوتی نرس دے ہونٹھاں اتے مسکریواں جیہا آ گیا۔ انتظامیہ جھٹ اوہدے ول ویکھیا۔

اوہنے وچاری نے اوسے ویلے ای بُل کس کے مِیٹ لے۔

” سر دس دیو اوس گارڈ دا ناں پلیز ” ۔۔۔ اوہ گل دا کھیڑا ای نہیں سی چھڈی پئی۔

اخیر مینوں اوہدے نال دو ٹوک کرنی پئی۔ ” تہانوں میں اک وار جو آکھ دتا اے کہ میں نہیں دسنا ناں۔ تسیں چلے کیوں نہیں جاندے۔ جاو چلے جاو۔ مینوں تنگ نہ کرو۔ نہیں میں دسنا ناں ۔تہاڈا پابند آن میں ؟ “

اوہ بڑی نمو جھانی ہوئی ، ” ٹھیک اے تسی کوئی کاروائی نہیں کرنی چاہندے۔ نہ کرو۔  اسیں تے تہاڈا ای سوچیا سی۔ ہن تسیں کدھرے لکھ لکھوا نہیں کر سکدے ایہدا۔ اسیں تہاڈے نال ساری گل بات سیل فون اچ سانبھ لئی اے۔ “

اوہ سر چھنڈ دی، مونہہ بنادی عملہ فیلہ لے کے باہر ٹر گئی۔

مینوں اوہ موت چیتے آ گئی جیہڑی مینوں ٹنگوں پھڑی دھروندی ہوئی اپنے نال لے ٹری سی۔ جیہنوں سومی نے ویکھ لیا سی تے اوہ میریاں گھسر دیاں جاندیاں دوواں بانہوں نوں پھڑ کے مینوں اپنے ول کچھن لگ پئی سی۔

اوہو موت ہن ایہہ روپ دھار کے آئی سی میرے راہیں گارڈ نوں مارن کہ اوہنے ایہناں دی پتی نہیں سی دتی۔

میںوں لگا میں وی گارڈ نال سومی والا کم کیتا اے۔ اوہنوں موت دے مونہہ توں کڈھ کے۔

گورومکھی التھا

(راشد جاوید احمد )

ਮੌਤ ਦਾ ਫੇਰਾ
ਮਕਸੂਦ ਸਾਕਿਬ
“ਮਾਜ਼ਰਤ ਕਰਨੀ ਸੀ ।।। ਤਾਂ ਆਈ ਆਂ ।।।।ਆਪ੍ਰੇਸ਼ਨ ਮਗਰੋਂ ਆਈ ਸੀ ਯੂ ਵਿਚ ਰੱਖਣਾ ਤਾਂ ਹੁੰਦਾ ਏ , ਪਰ ਇੰਜ ਨਹੀਂ। ਮੈਂ ਵੀ ਤੁਹਾਨੂੰ ਪਛਾਣ ਨਾ ਸਕੀ। ਤੁਹਾਡੀ ਕਿਸੇ ਗੱਲ ਨਾ ਸੁਣੀ। ਤਕਲੀਫ਼ ਹੋਈ ਤੁਹਾਨੂੰ ਵਾਸ਼ਰੂਮ ਲਈ। ਕੱਪੜੇ ਬਦਲਾਉਣ ਲਈ ਵੀ। ਤੁਹਾਡੇ ਨਾਲ਼ ਉਨ੍ਹਾਂ ਨੂੰ ਇੰਜ ਨਹੀਂ ਸੀ ਬੋਲਣਾ ਚਾਹੀਦਾ। ਅਫ਼ਸੋਸ ਏ ਮੈਨੂੰ। ਹਾਂ ਜੀ ਮੈਂ ਤੁਹਾਡੇ ਬੈੱਡ ਦੇ ਨੇੜੇ ਈ ਖਲੋਤੀ ਰਹੀ। ਆਪਣੀ ਕਚਹਿਰੀ ਲਾ ਕੇ। ਹਸਪਤਾਲ ਦੇ ਸਾਰੇ ਇੰਤਜ਼ਾਮੀ ਮਾਮਲੇ ਅਸਲ ਵਿਚ ਮੇਰੇ ਈ ਹੱਥ ਨੇਂ। ਬੜੀ ਵੱਡੀ ਜ਼ਿੰਮੇਦਾਰੀ ਏ। ਮੈਂ ਜਾਣ ਛੁਡਾਣੀ ਹਾਂ ਬਥੇਰੀ। ਸ਼ੇਖ਼ ਸਾਹਿਬ ਨਹੀਂ ਮੰਦੇ। ਅਖੇ ਜਿਵੇਂ ਤੁਸੀਂ ਸੰਭਾਲਦੇ ਔਰ ਹੋਰ ਕੌਣ ਸੰਭਾਲ਼ ਸਕਦਾ ਏ। ਪੁਰਾਣੇ ਫ਼ੈਮਿਲੀ ਟੁਰ ਮਜ਼ ਨੇਂ। ”
ਮੈਂ ਬੜੇ ਗੌਹ ਨਾਲ਼ ਉਹਨੂੰ ਵੇਖਦਾ ਤੇ ਉਹਦੀਆਂ ਗੱਲਾਂ ਸੁਣਦਾ ਪਿਆ ਸਾਂ। ਵੱਡਾ ਅਮਲਾ ਫ਼ੇਲ੍ਹ ਵੀ ਸੀ ਉਹਦੇ ਪਿੱਛੇ ਤੇ ਸੱਜੇ ਖੱਬੇ।
” ਉਹ ਤੇ ਨਰਸ ਨੇ ਮੇਰਾ ਧਿਆਣ ਦਿਵਾਇਆ ਹਾਲਾਂ ਇਨ੍ਹਾਂ ਵਿਚਾਰਿਆਂ ਤੇ ਹੋਰ ਥਲਵੇ ਮੁਲਾਜ਼ਮਾਂ ਕੀ ਧਿਆਣ ਦਿਵਾਨਾ ਹੁੰਦਾ ਏ ਸਾਡਾ, ਕਿਸੇ ਮਾਮਲੇ ਵਲੇ। ਬੱਸ ਮੈਂ ਆਪ ਹੀ ਉਹਨੂੰ ਬੋਲਣ ਦਿੱਤਾ। ਵਾਜ ਤੇ ਉਹਦੀ ਨਿਕਲਦੀ ਈ ਨਹੀਂ ਸੀ ਪਈ। ਮੈਂ ਆਪ ਈ ਉਹਨੂੰ ਆਖਿਆ, ਡਰਨ ਦੀ ਕੋਈ ਗੱਲ ਨਹੀਂ, ਜੋ ਦੱਸਣਾ ਚਾਹਣੀ ਐਂ ।।।। ਦੱਸ ਮੈਨੂੰ ।।।। ਫ਼ਿਰ ਵੀ ਨਹੀਂ ਦੱਸਣ ਹੋਇਆ ਉਹਦੇ ਤੋਂ। ਮੈਂ ਸਮਝ ਗਈ ਉਹ ਮੇਰਾ ਧਿਆਣ ਤੁਹਾਡੀ ਪੋਜ਼ੀਸ਼ਨ ਵੱਲ ਕਰਾਉਣ ਦੀ ਕੋਸ਼ਿਸ਼ ਪਈ ਕਰਦੀ ਸੀ। ਇਹੋ ਆਖ ਸਕੀ , ਮਈਮ ਇਨ੍ਹਾਂ ਦਾ ਕਮਰਾ ਏ ਜੀ ਇਥੇ ਗਰਾ ਵੰਡ ਫ਼ਿਲੌਰ ਤੇ ਈ ਅੱਜ ਕਿੰਨੇ ਦਿਨ ਹੋ ਗਏ ਨੇਂ ਇਨ੍ਹਾਂ ਨੂੰ ਕਮਰਾ ਲਿਆਂ। ਤੁਹਾਨੂੰ ਪੀਨਕਰਿਆ ਟਈਇਸ ਸੀ ਨਾ ।।। ਐਨ ਪੀ ਟੀ ਹੁੰਦੀ ਰਹੀ ਤੁਹਾਡੀ ਕਿੰਨੇ ਦਿਨ। ।।। ਡਾਕਟਰ ਆਸਿਫ਼ ਮਿਅਰਾਜ ਦਾ ਟ੍ਰੇਟ ਮਿੰਟ ਸੀ। ”
ਮੈਨੂੰ ਲੱਗਾ ਏਸ ਮਹਿੰਗੇ ਹਸਪਤਾਲ ਦੇ ਇੰਤਜ਼ਾਮੀ ਮਾਮਲਿਆਂ ਨੂੰ ਚਲਾਨ ਵਾਲੀ ਗੋਰੇ ਨਿਛੋਹ ਰੰਗ ਦੀ ਗੁਬਲੀ ਗੁਬਲੀ ਇਹ ਬੀ ਬੀ ਜਿਹਦੇ ਹਸਪਤਾ ਦੇ ਮਾਲਿਕ ਨਾਲ਼ ਫ਼ੈਮਿਲੀ ਟੁਰ ਮਜ਼ ਸਨ, ਮੈਨੂੰ ਮੇਰਾ ਕੋਈ ਵੱਡੀ ਹੈਸੀਅਤ ਵਾਲਾ ਬੰਦਾ ਹੋਣਾ ਚੇਤੇ ਕਰਵਾ ਰਹੀ ਸੀ। ਉਹਦੇ ਨਾਲ਼ ਜਿਤਨੇ ਵੀ ਛੋਟੇ ਵੱਡੇ ਮੁਲਾਜ਼ਮ ਖਲੋਤੇ ਸਨ ਆਪਣੀ ਆਪਣੀ ਥਾਂ ਬਿਨਾ ਹੱਲੇ ਜਿਲੇ ਹੱਥ ਬੰਨ੍ਹੀ। ।।।। ਸਭ ਨੂੰ ਸੀ ਬਈ ਉਹ ਨਾ ਹੋਵੇ ਜੋ ਇੰਤਜ਼ਾਮੀਆ ਹੋਰੀਂ ਕਿਸੇ ਵੇਲੇ ਕੋਈ ਹੁਕਮ ਜਾਰੀ ਕਰ ਦੇਣ। ਉਨ੍ਹਾਂ ਤੋਂ ਸੁਣਨ ਵਿਚ ਅੱਗਾ ਪਿੱਛਾ ਹੋਇਆ ਤੇ ਉਹ ਬਿਨਾ ਆਈਓਂ ਨਾ ਮਾਰੇ ਜਾਣ ਕਿਤੇ।
ਹਸਪਤਾਲ ਸ਼ਹਿਰ ਦੇ ਮਹਿੰਗੇ ਹਸਪਤਾਲਾਂ ਵਿਚੋਂ ਈ ਸੀ। ਇਥੇ ਤਾਂ ਡਾਕਟਰ ਨਿਰੇ ਸਲਾਹ ਮਸ਼ਵਰੇ ਦੀ ਈ ਢੇਰ ਪੈਸੇ ਲੈ ਲੈਂਦੇ ਸਨ। ਇਲਾਜ ਕਰਾਣਾ ਤੇ ਅਗਲੀ ਗੱਲ ਸੀ। ਮਹਿੰਗੇ ਮਹਿੰਗੇ ਟੈਸਟ, ਕੀ ਅਲਟਰਾ ਸਾਵਨਡ ਕੀ ਸੀਟੀ ਸਕੈਨਿੰਗ ਤੇ ਐਮ ਆਰ ਆਈ। ਫੇਰ ਐਸੀਆਂ ਦੋ ਼ ਜਿਹੜੀਆਂ ਆਮ ਤਾਂ ਕੀ ਖ਼ਾਸ ਦੁਕਾਨਾਂ ਤੋਂ ਵੀ ਲੱਭਣੀਆਂ ਔਖੀਆਂ ਹੋ ਜਾਂਦੀਆਂ ਸਨ। ਏਸ ਹਸਪਤਾਲ ਵਿਚ ਪ੍ਰ ਼ ਕਮਰਾ ਲੈ ਕੇ ਇਲਾਜ ਕਰਵਾਣ ਲਈ ਦਾਖ਼ਲ ਹੋਣਾ ਕੋਈ ਹਾਰੀ ਸਾਰੀ ਦੇ ਵੱਸ ਦਾ ਤੇ ਕੰਮ ਈ ਨਹੀਂ ਸੀ।
ਮੈਨੂੰ ਹੁਣ ਵੀ ਚੇਤੇ ਆਉਂਦਾ ਏ। ਮੌਤ ਆਈ ਸੀ ਤੇ ਇਕ ਹੱਥ ਨਾਲ਼ ਮੇਰੀ ਇਕ ਟੰਗ ਫੜ ਕੇ ਧਰ ਹੁੰਦੀ ਹੋਈ ਟੁਰ ਪਈ ਸੀ। ਮੇਰੇ ਮੂੰਹੋਂ ਵਾਜ ਵੀ ਨਹੀਂ ਸੀ ਨਿਕਲਦੀ ਪਈ। ਮੈਂ ਬੱਸ ਉਹਨੂੰ ਆਪਣੀਆਂ ਟੱਡੀਆਂ ਅੱਖਾਂ ਨਾਲ਼ ਵੇਖਦਾ ਪਿਆ ਸਾਂ। ਮੇਰੇ ਆਨੇ ਪੱਥਰ ਪਏ ਹੁੰਦੇ ਸਨ। ਇਕ ਚੁੱਕ ਉਭਰਨਾ ਚਾਹੁੰਦੀ ਸੀ ਮੇਰੇ ਧੁਰ ਅੰਦਰੋਂ , ਕਿਤੋਂ ਪਰ ਉਹ ਓਥੇ ਦੀ ਓਥੇ ਈ ਖਿਨਗਰਾ ਗਈ ਸੀ।
ਸੋਮੀ ਨੇ ਪਤਾ ਨਹੀਂ ਕਿਵੇਂ ਵੇਖ ਲਿਆ ਸੀ। ਸਾਵੀ ਤੇ ਉਹਦੇ ਬਲੋਨਗੜਿਆਂ ਨੂੰ ਉਨ੍ਹਾਂ ਦੀ ਰੋਟੀ ਪਾਂਦੀਆਂ। ਕੁੱਝ ਬੱਚੇ ਬੜੇ ਧੱਕੇ ਖ਼ੋਰ ਸਨ। ਅਪਣਾ ਹਿੱਸਾ ਛੱਡ ਕੇ ਦੂਜੇ ਦਾ ਖਾਣ ਲੱਗ ਪੈਂਦੇ ਸਨ। ਏਸ ਕਰ ਕੇ ਉਨ੍ਹਾਂ ਦੇ ਕੋਲ਼ ਰਹਿਣਾ ਪੈਂਦਾ ਸੀ। ਉਹਨੂੰ ਵਾਪਸ ਉਹਦੇ ਭਾਂਡੇ ਤੇ ਲਿਆਣ ਲਈ ਤਾਂ ਜੋ ਦੂਜਾ ਅਰਾਮ ਨਾਲ਼ ਆਪਣੀ ਰੋਟੀ ਛਕ ਸਕੇ।
ਸਰਜਨ ਨੇ ਵੇਖਦਿਆਂ ਸਾਰ ਆਖ ਦਿੱਤਾ ਇਨ੍ਹਾਂ ਦੇ ਅੰਦਰ ਜ਼ਹਿਰ ਫੈਲਦਾ ਪਿਆ ਏ। ਪੀਨਕਰਿਆ ਟਈਇਟਸ ਹੈ ਇਨ੍ਹਾਂ ਨੂੰ। ਪਹਿਲਾਂ ਸਾਨਹੋਂ ਉਹਦੀ ਰੋਕ ਕਰਨੀ ਪਵੇਗੀ। ਐਮਰਜੈਂਸੀ ਵਿਚ ਦਾਖ਼ਲ ਕਰਾ ਦਿਓ ਇਨ੍ਹਾਂ ਨੂੰ ਫ਼ਿਰ ਪ੍ਰ ਼ ਕਮਰਾ ਲੈ ਲਿਆ ਜੇ। ਆਪਣੀ ਨਿਗਰਾਨੀ ਵਿਚ ਰੱਖ ਕੇ ਈ ਅਸੀਂ ਇਨ੍ਹਾਂ ਦਾ ਇਲਾਜ ਕਰ ਸਕਾਂਗੇ। ਗਾਲ ਬਲੈਡਰ ਦੀਆਂ ਪੱਥਰੀਆਂ ਫੇਰ ਵੇਖਾਂਗੇ ਕੀ ਕਰਨਾ ਏ।
ਸੋਮੀ ਨੇ ਮੈਨੂੰ ਦਾਖ਼ਲ ਕਰਾ ਦਿੱਤਾ। ਅਨਜਕਸ਼ਨ ਤੇ ਦਵਾਈਆਂ ਸ਼ੁਰੂ ਹੋ ਗੇਅਆਂ। ਐਨ ਪੀ ਟੀ ਦਿੱਤੀ ਜਾਣ ਲੱਗ ਪਈ। ਹੱਥ ਉੱਤੇ ਬਰਨੋਲਾ ਲਾ ਕੇ ਬੋਤਲਾਂ ਦਿੱਤੀਆਂ ਗੇਅਆਂ। ਸੱਜਿਓਂ ਖੱਬਿਓਂ ਸੋਮੀ ਦੇ ਸਭ ਭੈਣ ਭਰਾ ਇਕੱਠੇ ਹੋ ਗਏ। ਹਜ਼ਾਰਾਂ ਰੁਪਿਆਂ ਦੀਆਂ ਦਵਾਵਾਂ ਸਨ ਜਿਹੜੀਆਂ ਦਿਨ ਰਾਤ ਮੇਰੇ ਲਹੂ ਨੂੰ ਕੱਪੜ ਛਾਣ ਕਰਦੀਆਂ ਸਨ।
ਕਿਥੋਂ ਹੁੰਦਾ ਪਿਆ ਏ ਇਹ ? ਕਿਵੇਂ ਇਹਦਾ ਬੰਦੋਬਸਤ ਹੋ ਸਕਿਆ ਯਏ। ? ਇਹ ਕਮਰਾ ਇਹ ਇਲਾਜ ।।। ਸੋਮੀ ਤੇ ਉਹਦੇ ਭੈਣ ਭਰਾ ਈ ਜਾਣ ਦੇ ਨੇਂ।
ਮੇਰੀਆਂ ਅੱਖਾਂ ਵਿਚ ਪਾਣੀ ਅਛਲ ਪਿਆ ਪਰ ਮੈਂ ਇੰਤਜ਼ਾਮੀਆ ਨੂੰ ਵੇਖਣ ਵਿਚ ਈ ਉਹਨੂੰ ਵਲ਼ਾ ਦਿੱਤਾ।
” ਪਤਾ ਲੱਗਾ ਏ ਤੁਸੀਂ ਰਾਇਟਰ ਓ।।।। ਤੁਹਾਡੇ ਵਾਲਾਂ ਤੇ ਦਾੜ੍ਹੀ ਤੋ(ਸਲ.)ੰ ਮੇਰਾ ਦਿਲ ਇਹੋ ਗਵਾਹੀ ਦਿੰਦਾ ਸੀ। ਤੁਹਾਨੂੰ ਆਈ ਸੀ ਯੂ ਵਿਚੋਂ ਰਵਾਨਾ ਕਰਨ ਮਗਰੋਂ ਮੇਰੀ ਗੱਲ ਹੋਈ ਸੀ ਡਾਕਟਰ ਫ਼ਾਰੂਕ ਹੋਰਾਂ ਨਾਲ਼। ਉਨ੍ਹਾਂ ਦੱਸਿਆ ਕਿ ਤੁਸੀਂ ਕਿਤਾਬਾਂ ਦੇ ਮੁਸੱਨਫ਼ ਓ। ਇਹ ਤੇ ਸਾਡੇ ਲਈ ਇੱਜ਼ਤ ਦੀ ਗੱਲ ਏ। ਤੁਸੀਂ ਸਾਡੇ ਹਸਪਤਾਲ ਤੋਂ ਟ੍ਰੇਟ ਮਿੰਟ ਲੈਂਦੇ ਪਏ ਓ। ਅਖ਼ਬਾਰਾਂ ਵਿਚ ਵੀ ਆਇਆ ਤੇ ਹੋਣਾ ਏ ਤੁਹਾਡੇ ਬਿਮਾਰ ਹੋਣ ਦਾ। ਕੀਇਂ ਗੁਲਦਸਤੇ ਆਏ ਹੁਣੇ ਨੇਂ ਤੁਹਾਨੂੰ ਹਕੂਮਤੀ ਲੋਕਾਂ ਵੱਲੋਂ। ਪ੍ਰੈੱਸ ਵੀ ਆਇਆ ਹੋਣਾ ਏ। ”
ਮੈਂ ਦਿਲ ਈ ਦਿਲ ਵਿਚ ਗੁੜ੍ਹਕਿਆ ਇਨ੍ਹਾਂ ਦਰਬਾਰੀ ਟਸ਼ਨਾਂ ਤੇ। ਢਿੱਡ ਵਿਚ ਪੰਜ ਇੰਚ ਲੰਮੇ ਜ਼ਖ਼ਮ ਉਤੇ ਹੱਥ ਰੱਖਦਿਆਂ ਮੈਂ ਸਿਰਹਾਣੇ ਤੇ ਸਿਰ ਪਿੱਛੇ ਕਰਨਾ ਚਾਹਿਆ। ਉਹ ਫ਼ੋਰਾ ਨੱਸ ਕੇ ਅੱਗੇ ਆਈ। ਉਹਦੇ ਹੱਥ ਲਾਨ ਤੋਂ ਪਹਿਲਾਂ ਈ ਨਰਸ ਅੱਪੜ ਪਈ। ਮੇਰੀਆਂ ਕੱਛਾਂ ਵਿਚ ਹੱਥ ਦਿੰਦਿਆਂ ਉਹਨੇ ਬੜੇ ਢੰਗ ਨਾਲ਼ ਮੇਰਾ ਸਿਰ ਸਿਰਹਾਣੇ ਉੱਤੇ ਵਾਹਵਾ ਅਤੇ ਕਰ ਦਿੱਤਾ।
” ਇਕ ਆਖ਼ਰੀ ਗੱਲ ਕਰਨੀ ਏ ਤੁਹਾਡੇ ਨਾਲ਼। ਦੱਸਣ ਦੀ ਮਿਹਰਬਾਨੀ ਕਰਿਆ ਜੇ। ਮੈਂ ਸੁਣਿਆ ਏ ਤੁਹਾਡੇ ਤੋਂ ਕਿਸੇ ਗਾਰਡ ਨੇ ਵੀ ਪੈਸੇ ਮੰਗੇ ਨੇਂ ? ਤੁਸਾਂ ਕਮਰੇ ਵਿਚ ਆਨ ਦੇ ਕੁੱਝ ਚਿਰ ਮਗਰੋਂ ਦੱਸਿਆ ਕਿਸੇ ਨੂੰ । ”
ਉਹਦਾ ਗੋਰਾ ਚਿੱਟਾ ਚੀਕਣਾ ਮੂੰਹ ਖਰਵਾ ਹੁੰਦਾ ਜਾਂਦਾ ਸੀ। ਕੱਟੇ ਵਾਲਾਂ ਥੱਲਿਓਂ ਉਹਦੀ ਧੋਣ ਦਾ ਉਭਰਿਆ ਹੋਇਆ ਮਾਸ ਕਿਸੇ ਕਾਬ ਵਿਚ ਢਲਿਆ ਮਸਾਲਹੇ ਦਾ ਲੱਗ ਰਿਹਾ ਸੀ ਜਿਵੇਂ ਬਾਲਾਂ ਦੇ ਵੱਡੇ ਵੱਡੇ ਗੱਡੀਆਂ ਗੱਡੀਆਂ ਦਾ ਹੁੰਦਾ ਏ।
” ਤੁਸੀਂ ਪਲੀਜ਼ ਨਾਂ ਦੱਸ ਦਿਓ ਇਸ ਗਾਰਡ ਦਾ। ਜਿਹਦਾ ਸਾਨੂੰ ਵੀ ਪਤਾ ਨਹੀਂ ਲੱਗ ਸਕਿਆ। ਬਾਕੀ ਸਭ ਤੇ ਸਾਨੂੰ ਆਪ ਹਿਸਾਬ ਦਿੰਦੇ ਨੇਂ। ।।।।। ਸੁਰ ਸੁਰ। ਮੇਰੀ ਗੱਲ ਦਾ ਕੋਈ ਹੋਰ ਮਤਲਬ ਨਾ ਲਿਆ ਜੇ।।।ਆਈ ਮੀਨ ।।।।ਇਸੀ ਸਾਰੇ ਅਮਲੇ ਦਾ ਧਿਆਣ ਰੱਖਣੇ ਆਨਤਾ ਕਿ ਪੀਸ਼ਨਟਸ ਤੇ ਉਨ੍ਹਾਂ ਦੇ ਵਾਰਸਾਂ ਨਾਲ਼ ਕੀ ਕੀ ਚੱਲ ਰਿਹਾ ਏ ਇਨ੍ਹਾਂ ਦਾ। ”
ਮੈਥੋਂ ਬੋਲਿਆ ਨਹੀਂ ਸੀ ਜਾਣਦਾ ਪਿਆ। ਬੜਾ ਜ਼ੋਰ ਲਾਣਾ ਪੇ ਰਿਹਾ ਸੀ ਮੈਨੂੰ ਏਨੀ ਗੱਲ ਦੱਸਣ ਤੇ , ” ਇਥੇ ਕਿਹੜਾ ਏ ਜਿਹੜਾ ਨਹੀਂ ਲੈਂਦਾ। ਹਰ ਨਿੱਕੇ ਨਿੱਕੇ ਕੰਮ ਲਈ ਹੱਥ ਅੱਡੇ ਹੁੰਦੇ ਨੇਂ ਸਭ ਦੇ। ”
” ਉਹ ਠੀਕ ਏ ਤੁਹਾਡਾ ਕਹਿਣਾ। ਬੜਾ ਖਿੱਚੀ ਦਾ ਏ ਸਾਰੇ ਸਟਾਫ਼ ਨੂੰ। ਪਰ ਤੁਹਾਨੂੰ ਪਤਾ ਈ ਏ। ਛੋਟੇ ਲੋਕ ਨੇਂ। ਨਹੀਂ ਬਦਲ ਸਕਦੇ। ਆਪਣੀ ਅਸਲੀਅਤ ਨਾ ਵਿਖਾਣ ਤਾਂ ਇਨ੍ਹਾਂ ਕੋਈ ਕਿਵੇਂ ਆਖੇ। ਸਖ਼ਯੀ ਵੀ ਕਰ ਵੇਖੀ ਏ ਕਈਂ ਕਈਂ ਵਾਰ ।।। ਖ਼ੈਰ ਤੁਸੀਂ ਇਸ ਗਾਰਡ ਦਾ ਨਾਂ ਦੱਸੋ ਜਿਨ੍ਹੇ ਉੱਥੇ ਅੰਦਰ ਆ ਕੇ ਤੁਹਾਨੂੰ ਪੈਸਿਆਂ ਲਈ ਕਿਹਾ ਸੀ। ਉਹਦੀ ਤੇ ਛੁੱਟੀ ਕਰਾ ਦੇਣੀ ਏ ਮੈਂ। ਤੁਹਾਡੇ ਨਾਂ ਲੈਣੀਆਂ ਸਾਰ। ਵੇਖੋ ਜੀ। ਬਾਹਰ ਗੇਟ ਤੇ ਸਿਕੋਰਟੀ ਕਰਦੇ ਦਾ ਕੀ ਕੰਮ ਏ ਅੰਦਰ ਆ ਕੇ ਮਰੀਜ਼ਾਂ ਨੂੰ ਮਦਦ ਕਰਨ ਦਾ ਆਖੇ। ਹੁਣ ਵੇਖੋ ਜੀ ਤੁਸੀਂ ਰਾਇਟਰ ਲੋਕ ਓ। ਤੁਹਾਡੇ ਕੋਲ਼ ਆਉਣੇ ਵੀ ਤਾਂ ਰਾਟਰ ਈ ਹੋਏ।
” ਵੇਖੋ ਜੀ ਤੁਸਾਂ ਮਾੜਾ ਜਿਹਾ ਵੀ ਬਿਮਾਰੀ ਪੁੱਛਣ ਆਏ ਆਪਣੇ ਕਿਸੇ ਯਾਰ ਸੱਜਣ ਨੂੰ ਗਾਰਡ ਦਾ ਪੈਸੇ ਮੰਗਣਾ ਦੱਸ ਦਿੱਤਾ ਤਾਂ ਉਨ੍ਹਾਂ ਸਾਨੂੰ ਕਿਥੋਂ ਬਖ਼ਸ਼ਣਾ ਏ। ਉਹਨਾਂ ਤੇ ਹਸਪਤਾਲ ਈ ਧੁੰਮਾ ਦੇਣਾ ਸਾਰਾ ”
” ਮੰਗਤਾ ਹਸਪਤਾਲ ” ۔۔۔ ਇੰਤਜ਼ਾਮੀਆ ਦੇ ਨਾਲ਼ ਖਲੋਤੀ ਨਰਸ ਦੇ ਹੋਂਠਾਂ ਅਤੇ ਮਸਕਰੀਵਾਂ ਜਿਹਾ ਆ ਗਿਆ। ਇੰਤਜ਼ਾਮੀਆ ਝੱਟ ਉਹਦੇ ਵੱਲ ਵੇਖਿਆ।
ਉਹਨੇ ਵਿਚਾਰੀ ਨੇ ਉਸੇ ਵੇਲੇ ਈ ਬਿੱਲ ਕਿਸ ਕੇ ਮੀਟ ਲੈ।
” ਸਿਰ ਦੱਸ ਦਿਓ ਇਸ ਗਾਰਡ ਦਾ ਨਾਂ ਪਲੀਜ਼ ” ۔۔۔ ਉਹ ਗਲ ਦਾ ਖੇੜਾ ਈ ਨਹੀਂ ਸੀ ਛੱਡੀ ਪਈ।
ਅਖ਼ੀਰ ਮੈਨੂੰ ਉਹਦੇ ਨਾਲ਼ ਦੋ ਟੋਕ ਕਰਨੀ ਪਈ। ” ਤੁਹਾਨੂੰ ਮੈਂ ਇਕ ਵਾਰ ਜੋ ਆਖ ਦਿੱਤਾ ਏ ਕਿ ਮੈਂ ਨਹੀਂ ਦੱਸਣਾ ਨਾਂ। ਤੁਸੀਂ ਚਲੇ ਕਿਉਂ ਨਹੀਂ ਜਾਂਦੇ। ਜਾਊ ਚਲੇ ਜਾਊ। ਮੈਨੂੰ ਤੰਗ ਨਾ ਕਰੋ। ਨਹੀਂ ਮੈਂ ਦੱਸਣਾ ਨਾਂ ।ਤੁਹਾਡਾ ਪਾਬੰਦ ਆਨ ਮੈਂ ? ”
ਉਹ ਬੜੀ ਨਮੋ ਝਾਣੀ ਹੋਈ , ” ਠੀਕ ਏ ਤੁਸੀ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦੇ। ਨਾ ਕਰੋ। ਅਸੀਂ ਤੇ ਤੁਹਾਡਾ ਈ ਸੋਚਿਆ ਸੀ। ਹੁਣ ਤੁਸੀਂ ਕਿਧਰੇ ਲੱਖ ਲਿਖਵਾ ਨਹੀਂ ਕਰ ਸਕਦੇ ਇਹਦਾ। ਅਸੀਂ ਤੁਹਾਡੇ ਨਾਲ਼ ਸਾਰੀ ਗੱਲਬਾਤ ਸੈੱਲ ਫ਼ੋਨ ਉੱਚ ਸਾਂਭ ਲਈ ਏ। ”
ਉਹ ਸਿਰ ਛੰਡ ਦੀ, ਮੂੰਹ ਬਣਾਦੀ ਅਮਲਾ ਫ਼ੇਲ੍ਹ ਲੈ ਕੇ ਬਾਹਰ ਟੁਰ ਗਈ।
ਮੈਨੂੰ ਉਹ ਮੌਤ ਚੇਤੇ ਆ ਗਈ ਜਿਹੜੀ ਮੈਨੂੰ ਟੰਗੋਂ ਫੜੀ ਧਰੋਨਦੀ ਹੋਈ ਆਪਣੇ ਨਾਲ਼ ਲੈ ਟੋਰੀ ਸੀ। ਜਿਹਨੂੰ ਸੋਮੀ ਨੇ ਵੇਖ ਲਿਆ ਸੀ ਤੇ ਉਹ ਮੇਰੀਆਂ ਘਸਰ ਦੀਆਂ ਜਾਂਦਿਆਂ ਦੋਵਾਂ ਬਾਂਹੋਂ ਨੂੰ ਫੜ ਕੇ ਮੈਨੂੰ ਆਪਣੇ ਵੱਲ ਕੱਛਣ ਲੱਗ ਪਈ ਸੀ।
ਉਹੋ ਮੌਤ ਹਨ ਇਹ ਰੂਪ ਧਾਰ ਕੇ ਆਈ ਸੀ ਮੇਰੇ ਰਾਹੀਂ ਗਾਰਡ ਨੂੰ ਮਾਰਨ ਕਿ ਉਹਨੇ ਇਨ੍ਹਾਂ ਦੀ ਪਤੀ ਨਹੀਂ ਸੀ ਦਿੱਤੀ।
ਮੈਨੂੰ ਲੱਗਾ ਮੈਂ ਵੀ ਗਾਰਡ ਨਾਲ਼ ਸੋਮੀ ਵਾਲਾ ਕੰਮ ਕੀਤਾ ਏ। ਉਹਨੂੰ ਮੌਤ ਦੇ ਮੂੰਹ ਤੋਂ ਕੱਢ ਕੇ।

Facebook Comments Box

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

Calendar

November 2024
M T W T F S S
 123
45678910
11121314151617
18192021222324
252627282930